*ਨਗਰ ਨਿਗਮ ਚੋਣਾਂ ਲਈ ਕਾਂਗਰਸ ਪਾਰਟੀ ਨੇ ਸੱਤ ਉਮੀਦਵਾਰ ਮੈਦਾਨ ਵਿਚ ਉਤਾਰੇ
ਜਗਰੂਪ ਗਿੱਲ ਤੇ ਅਸ਼ੋਕ ਪ੍ਰਧਾਨ ਲੜਨਗੇ ਚੋਣ
ਵਿੱਤ ਮੰਤਰੀ ਨੇ ਕੀਤਾ ਐਲਾਨ
ਬਠਿੰਡਾ, 26 ਦਸੰਬਰ (ਕੁਲਬੀਰ ਬੀਰਾ ):-ਨਗਰ ਨਿਗਮ ਚੋਣਾਂ ਲਈ ਬਠਿੰਡਾ ਦਾ ਸਿਆਸੀ ਮਾਹੌਲ ਪੂਰੀ ਤਰਾਂ ਭੱਖ ਗਿਆ ਹੈ। ਕਾਂਗਰਸ ਪਾਰਟੀ ਨੇ ਪਹਿਲਕਦਮੀ ਕਰਦਿਆਂ ਅੱਜ ਸੱਤ ਵਾਰਡਾਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਕੇ ਸਿਆਸੀ ਸਰਗਰਮੀਆਂ ਵਿਚ ਗਰਮਾਹਟ ਲਿਆ ਦਿੱਤੀ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਆਪਣੇ ਬਠਿੰਡਾ ਦੌਰੇ ਦੌਰਾਨ ਕਾਂਗਰਸ ਪਾਰਟੀ ਦੇ ਸੱਤ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਗਿੱਲ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਹਰਵਿੰਦਰ ਸਿੰਘ ਲੱਡੂ ਨੂੰ ਵਿੱਤ ਮੰਤਰੀ ਨੇ ਨਗਰ ਨਿਗਮ ਚੋਣਾਂ ਦੇ ਮੈਦਾਨ ਵਿਚ ਉਤਾਰਿਆ ਹੈ। ਵਿੱਤ ਮੰਤਰੀ ਵਲੋਂ ਜਾਰੀ ਸੂਚੀ ਅਨੁਸਾਰ ਵਾਰਡ ਨੰਬਰ 16 ਤੋਂ ਸੀਨੀਅਰ ਕਾਂਗਰਸੀ ਆਗੂ ਬਲਰਾਜ ਪੱਕਾ, ਵਾਰਡ ਨੰਬਰ 34 ਤੋਂ ਜਸਵੀਰ ਸਿੰਘ ਜੱਸਾ ਸਾਬਕਾ ਕੌਂਸਲਰ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਤਰਾਂ ਵਾਰਡ ਨੰਬਰ 35 ਤੋਂ ਰਮਨ ਗੋਇਲ ਪਤਨੀ ਸੰਦੀਪ ਗੋਇਲ, ਵਾਰਡ ਨੰਬਰ 36 ਤੋਂ ਬਲਾਕ ਕਾਂਗਰਸ ਪ੍ਰਧਾਨ ਹਰਵਿੰਦਰ ਸਿੰਘ ਲੱਡੂ, ਵਾਰਡ ਨੰਬਰ 37 ਤੋਂ ਜ਼ਿਲਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਸ਼ੋਕ ਪ੍ਰਧਾਨ ਅਤੇ ਵਾਰਡ ਨੰਬਰ 48 ਤੋਂ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਗਿੱਲ,ਵਾਰਡ 49 ਤੋਂ ਕਮਲੇਸ਼ ਮਹਿਰਾ ਪਤਨੀ ਰਾਜ ਮਹਿਰਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰਾਂ ਨਗਰ ਨਿਗਮ ਚੋਣਾਂ ਲੜਨ ਲਈ ਤਿਆਰੀ ਕਰ ਚੁੱਕੀ ਹੈ। ਉਨਾਂ ਕਿਹਾ ਕਿ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਦੋਂ ਕਿ ਆਉਂਦੇ ਦਿਨਾਂ ਵਿਚ ਹੋਰਨਾਂ ਵਾਰਡਾਂ ਵਿਚੋਂ ਵੀ ਉਮੀਦਵਾਰ ਮੈਦਾਨ ਵਿਚ ਉਤਾਰੇ ਜਾਣਗੇ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਸ਼ਹਿਰ ਅੰਦਰ ਕਰਵਾਏ ਵਿਕਾਸ ਕਾਰਜਾਂ ਦੇ ਨਾਂਅ ’ਤੇ ਚੋਣਾਂ ਲੜੇਗੀ।